Gawache Put !! ਗਵਾਚੇ ਪੁੱਤ !!

ਪਿੰਡ ਦੀ ਫਿਰਨੀ ਤੇ ਬਣੇ ਛੱਪੜ ਦੇ ਇਕ ਪਾਸੇ ਲੱਗੇ ਦੋ ਪਿੱਪਲ ਇਸ ਪਿੰਡ ਦੇ ਬਜ਼ੁਰਗਾਂ ਦੇ ਹਾਣੀ ਨੇ ਤੇ ਓਹਨਾ ਚੋ ਕਈ ਬੁਜੁਰਗ ਹੁਣ ਇਹਨਾਂ ਦੇ ਹੈਠਾਂ ਬਹਿਣ ਲਈ ਇਸ ਦੁਨੀਆਂ ਤੇ ਵੀ ਨਹੀਂ ਰਹੇ । ਇਹਨਾਂ ਦੇ ਥੱਲੇ ਬਣੇ ਥੜੇ ਵੀ ਢਹਿ ਚੁੱਕੇ ਸਨ. ਕੋਈ ਵੀਹ (੨੦) ਕੋ ਸਾਲ ਪਹਿਲਾਂ ਇਕ ਲਵੀ ਜਹੀ ਉਮਰ ਦੇ ਬਣੇ ਸਰਪੰਚ ਨੇ ਛੱਪੜ ਦੇ ਸੜ੍ਹਕ ਵਾਲੇ ਪਾਸੇ ਇਕ ਬੱਸ ਅੱਡਾ ਬਣਾ ਕੇ ਨਾਲ ਲੱਗਦੀ ਖਾਲੀ ਥਾਂ ਤੇ ਇਕ ਬੋਹੜ ਵੀ ਲਵਾ ਤਾ ਸੀ ਤਾਂ ਕੇ ਅੱਡੇ ਨੂੰ ਛਾਂ ਰਿਹਾ ਕਰੂ । ਹੁਣ ਇਹ ਬੋਹੜ ਜਵਾਨ ਹੋ ਗਿਆ ਹੇ ਤੇ ਨਵੀ ਪੰਚਾਇਤ ਨੇ ਇਹਦੇ ਥੱਲੇ ਨਵਾਂ ਥੜਾ ਬਣਾ ਤਾ ਸੀ । ਪਿੰਡ ਦੇ ਵੇਹਲੜ ਇਥੇ ਦੁਪਹਿਰਾ ਕਟਦੇ ਨੇ ਤੇ ਛਡ਼ਾ ਧਰਮੂ ਇਹਦੇ ਤੇ ਬਹਿ ਕੇ ਆਕਾਸ਼ਵਾਣੀ ਰੇਡੀਓ ਵਾਂਗ ਸਾਰੇ ਪਿੰਡ ਦੀਆਂ ਖ਼ਬਰਾਂ ਦੱਸਦਾ ਰਹਿੰਦਾ ਹੇ ।

ਨਾਜਰ ਸੀਉ ਖੇਤ ਤੋਂ ਗੇੜਾ ਮਾਰ ਕੇ ਘਰ ਨੂੰ ਆਉਂਦਾ ਹੋਇਆ ਇਥੇ ਰੁਕ ਗਿਆ । ਓਹਨੂੰ ਮੇਹਰੂ ਨੇ ਆਵਾਜ਼ ਮਾਰੀ ਸੀ ਵੀ ਭਾਈ ਖੇਤਾਂ ਦਾ ਹਾਲ ਚਾਲ ਦੱਸ ਜਾ । ਦੋਹਾਂ ਦੇ ਖੇਤ ਨਾਲ ਨਾਲ ਹੀ ਸਨ ।
ਨਾਜਰ ਬੋਲਿਆ “ਮੇਹਰੂ ਕੰਜਰਾ ਤੂੰ ਨਾ ਗੇੜਾ ਮਾਰੀ ਖੇਤ, ਲੱਗਦਾ ਏ ਰੱਬ ਨੂੰ ਰਾਖੀ ਤੇ ਲਾਇਆ ਏ ਤੂੰ ਖੇਤ ਦੀ ।”
ਅੱਗੋਂ ਮੇਹਰੂ ਬੋਲਿਆ ” ਜਦੋ ਤੇਰੇ ਵਰਗੇ ਰੱਬ ਦੇ ਨੇਕ ਬੰਦੇ ਗਵਾਂਢ ਚ ਗੇੜਾ ਮਾਰਨ ਜਾਂਦੇ ਨੇ ਫੇਰ ਮੈਂ ਕਿ ਕਰਨਾ ਖੇਤ ਜਾ ਕੇ ।”
ਨਾਜਰ ” ਹਾਂ ਹਾਂ ਠੀਕ ਏ, ਸਰਕਾਰ ਦੀਆਂ ਮਾਸੀਆਂ ਫਿਰਦੀਆਂ ਸਨ ਤੇਰੀ ਕਣਕ ਚੋ, ਕੱਢ ਆਇਆ ਹਾਂ ਮੈਂ । ਕੱਸੀ ਦੀ ਪਟੜੀ ਤੇ ਚੜਾ ਆਇਆ ਹਾਂ ।”

ਕੋਲ ਬਹਿਠੇ ਮੀਤੇ ਨੇ ਇਕ ਦਮ ਪੁੱਛਿਆ, ਬਾਈ ਨਾਜਰ ਤੂੰ ਦੂਜੇ ਪਾਸੇ ਲੱਗਦੀ ਇਕ ਏਕੜ ਜਮੀਨ ਕਿਊ ਛੱਡ ਦਿਤੀ । ਅੱਸੀ (੮੦) ਹਜ਼ਾਰ ਚੋ ਕੀ ਆਉਂਦਾ ਏ ਅੱਜ ਕੱਲ । ਨਾਜਰ ਸੋਚ ਕੇ ਜੇ ਕਹਿੰਦਾ ਬਸ ਯਾਰ ਮੁੰਡੇ ਨੂੰ ਪੈਸੇ ਚਾਹੀ ਦੇ ਸੀ ਓਹਨੂੰ ਭੇਜ ਤੇ ਨਰਮਾ ਵੇਚ ਕੇ ਇਸ ਕਰਕੇ ਏਧਰ ਪੰਗਾ ਨੀ ਲਿਆ । ਮੀਤੇ ਨੇ ਫੇਰ ਹੈਰਾਨੀ ਜਿਹੀ ਨਾਲ ਪੁੱਛਿਆ, “ਆਹ ਧਰਮੂ ਤਾਂ ਕਹਿੰਦਾ ਸੀ ਕੇ ਤਨਖਾਹ ਈ ਬੜੀ ਏ ਆਪਣੇ ਸੁਖੀ ਦੀ ।” ਨਾਜਰ ਨੇ ਗੱਲ ਦਾ ਇਕਦਮ ਜਵਾਬ ਦਿੱਤਾ ਕੇ ” ਹਾਂ ਬਾਈ, ਪਰ ਵੱਢੇ ਸ਼ਹਿਰ ਦੇ ਖਰਚੇ ਵੀ ਬਹੁਤ ਨੇ ।”
ਮੀਤਾ, “ਉਹ ਤਾਂ ਗੱਲ ਠੀਕ ਏ ਤੇਰੀ, ਪਰ ਆਹ ਜਮੀਨ ਹੱਥੋਂ ਗਵਾਹ ਲਈ ਤੂੰ । ਨਾਲੇ ਫੇਰ ਤਾਂ ਉੱਠ ਆਵਦਾ ਲੱਧਾ ਆਪ ਹੀ ਖਾਈ ਜਾਂਦਾ ਏ ।”
ਇਹ ਸੁਣ ਕੇ ਨਾਜਰ ਨੂੰ ਗੁੱਸਾ ਤਾਂ ਆਇਆ ਪਰ ਕੋਲ ਬੈਠੇ ਕੁਝ ਬੁਜ਼ੁਰਗਾਂ ਦੀ ਸ਼ਰਮ ਮੰਨ ਕੇ ਚੁੱਪ ਕਰ ਗਿਆ ।

ਨਾਜਰ ਦਾ ਮੁੰਡਾ ਪੜ੍ਹ ਲਿਖ ਕੇ ਸ਼ਹਿਰ ਚਲਾ ਗਿਆ ਸੀ । ਹੁਣ ਤਾਂ ਦੋ – ਤਿਨ (੨ – ੩) ਮਹੀਨਿਆਂ ਤੋਂ ਹੀ ਪਿੰਡ ਆਉਂਦਾ ਸੀ ਤੇ ਉਹ ਵੀ ਇਕ ਦੋ ਦਿਨਾਂ ਲਈ ਹੀ।
ਕੋਲ ਬੈਠੇ ਸੀਰੇ ਨੇ ਵੀ ਨਾਜਰ ਸੀਓ ਦੀ ਗੱਲ ਵੱਲ ਪੱਖ ਰੱਖਿਆ । ਓਹਦਾ ਮੁੰਡਾ ਵੀ ਬਾਹਰ ਜਾਣ ਦੀ ਤਿਆਰੀ ਕਰਦਾ ਫਿਰਦਾ ਸੀ, ਪਰ ਪਿੰਡ ਵਿਚ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਇਸ ਗੱਲ ਦਾ।

ਕੋਲ ਬੈਠਾ ਜਲੋਰਾ ਬਾਬਾ ਚੁੱਪ ਚਾਪ ਸਾਰੀਆਂ ਗੱਲਾਂ ਸੁਣ ਰਿਹਾ ਸੀ । ਫੇਰ ਅਚਾਨਕ ਹੀ ਬੋਲਿਆ,”ਓਏ ਸੀਰੇ ਵੇਖੀ ਤੂੰ ਵੀ ਕਿਤੇ ਆਵਦਾ ਮੁੰਡਾ ਗਵਾ ਲਈ । ਇਹ ਨਾਜਰ ਨੇ ਸ਼ਹਿਰ ਨਹੀਂ ਜਾਣਾ ਤੇ ਇਹਦੇ ਮੁੰਡੇ ਨੇ ਇਥੇ ਪਿੰਡ ਨਹੀਂ ਆਉਣਾ, ਜਮੀਨ ਤਾ ਫਿਰ ਵੀ ਲੈ ਲਉ ਪਰ ਇਹਨੇ ਆਵਦਾ ਪੁੱਤ ਗਵਾ ਲਿਆ ਏ ਸ਼ਹਿਰ ਚ, ਉਹ ਨਹੀਂ ਲੱਭਣਾ ਹੁਣ ।

ਇਹ ਕਹਿ ਕੇ ਜਲੋਰਾ ਬਾਬਾ ਤਾਂ ਉੱਠ ਕੇ ਚਲਾ ਗਿਆ ਪਰ ਓਥੇ ਬੈਠੇ ਸਾਰੇ ਚੁੱਪ ਚਾਪ ਇਕ ਦੂਜੇ ਵੱਲ ਦੇਖਣ ਲੱਗ ਪਏ ਜਿਵੇ ਬਾਬੇ ਨੇ ਨਾਜਰ ਦੇ ਦਿਲ ਦੀ ਬੁਝ ਲਈ ਹੋਵੇ ।

Type: Short Story
Language: Punjabi
Written by: D S BRAR

Do not reproduce/republish the content in any form without permission from writer.

Copyright © Giddhabhangraboliyan.com